Punjab Election 2022 Amritsar
ਜਗਤਾਰ ਸਿੰਘ ਭੁੱਲਰ, ਚੰਡੀਗੜ੍ਹ :
Punjab Election 2022 Amritsar : ਪੰਜਾਬ ਵਿਧਾਨ ਸਭਾ ਚੋਣਾਂ ਖਤਮ ਹੁੰਦਿਆਂ ਹੀ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਪੁਲਿਸ ਦੇ ਬਹਾਨੇ ਨਾਲ ਪੰਜਾਬ ਸਰਕਾਰ ਨੂੰ ਘੇਰ ਲਿਆ ਹੈ । ਲੋਕ ਸਭਾ ਮੈਂਬਰ ਨੇ ਕਿਹਾ ਕਿ ਅਗਰ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਨੂੰ ਗਿਰਫ਼ਤਾਰ ਨਾ ਕੀਤਾ ਅਤੇ ਸ਼ਹਿਰ ਅੰਦਰ ਚੱਲ ਰਿਹਾ ਸੱਟੇਬਾਜ਼ੀ ਦਾ ਧੰਦਾ ਨਾ ਬੰਦ ਕੀਤਾ ਤਾਂ ਉਹ ਡੀਜੀਪੀ ਵੀਕੇ ਭਾਵਰਾ ਦੇ ਖਿਲਾਫ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ ।
ਗੁਰਜੀਤ ਸਿੰਘ ਔਜਲਾ ਵਲੋਂ ਇਕ ਪੱਤਰ ਵੀ ਲਿਖਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਨਸ਼ੇ ਅਤੇ ਸੱਟੇਬਾਜ਼ੀ ਦੇ ਗੈਰ ਕਾਨੂੰਨੀ ਕਾਰੋਬਾਰ ਵਿਚ ਪੁਲਿਸ ਵਾਲੇ ਜੁੜੇ ਹੋਏ ਹਨ ਪਰ ਬਦਨਾਮ ਸਿਆਸੀ ਲੋਕ ਹੋ ਰਹੇ ਹਨ । ਗੈਰ ਕਾਨੂੰਨੀ ਧੰਦਾ ਤਾਂ ਪੁਲਿਸ ਵਾਲੇ ਕਰਵਾ ਰਹੇ ਹਨ ਪਰ ਜਵਾਬਤਲਬੀ ਸਿਆਸੀ ਲੋਕਾਂ ਦੀ ਹੋ ਰਹੀ ਹੈ । ਉਨ੍ਹਾਂ ਕਿਹਾ ਉਨਾਂ ਇੱਕ ਸਥਾਨ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਆਪ ਦੱਸਿਆ ਕਿ ਜਦ ਉਹ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਦੀ ਪੁਲਿਸ ਨੂੰ ਸ਼ਿਕਾਇਤ ਕਰਦੇ ਹਨ ਤਾਂ ਗੈਰ ਸਮਾਜਿਕ ਅਨਸਰ ਉਨਾਂ ਨਾਲ ਕੁੱਟ ਮਾਰ ਕਰਦੇ ਹਨ ਕਿਉਂਕਿ ਪੁਲਿਸ ਵਾਲੇ ਹੀ ਇਹਨਾਂ ਗੈਰ ਸਮਾਜਿਕ ਲੋਕਾਂ ਨਾਲ ਮਿਲੇ ਹੋਏ ਹਨ ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਗਰ ਪੁਲਿਸ ਨੇ ਇਹਨਾਂ ਲੋਕਾਂ ਉੱਤੇ ਨੱਥ ਨਾ ਪਾਈ ਤਾਂ ਉਹ ਡੀਜੀਪੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ । ਉਨ੍ਹਾਂ ਦੱਸਿਆ ਕਿ ਉਹ ਪਹਿਲਾ ਵੀ ਕਿਸਾਨੀ ਕਾਨੂੰਨ ਰੱਦ ਕਰਵਾਉਣ ਲਈ ਜੰਤਰ ਮੰਤਰ ਦਿੱਲੀ ਵਿਖੇ ਅਣਮਿੱਥੇ ਸਮੇਂ ਲਈ ਸੰਘਰਸ਼ ਕਰ ਚੁੱਕੇ ਹਨ ।
ਉਨ੍ਹਾਂ ਕਿਹਾ ਕਿ ਉਹ ਇਕ ਪੈਸੇ ਦੇ ਵੀ ਰਵਾਦਰ ਨਹੀਂ ਹਨ ਪਰ ਪੁਲਿਸ ਕਾਰਨ ਸਿਆਸੀ ਲੋਕ ਬਦਨਾਮ ਹੋ ਰਹੇ ਹਨ । ਉਹ ਹੁਣ ਗੁਰੂ ਦੀ ਨਗਰੀ ਨੂੰ ਸੱਟੇਬਾਜ਼ੀ ਅਤੇ ਨਸ਼ੇ ਤੋਂ ਮੁਕਤ ਕਰਵਾਉਣਗੇ।
ਉਧਰ ਗੁਰਜੀਤ ਸਿੰਘ ਔਜਲਾ ਦੇ ਇਸ ਧਮਕੀ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰ ਲਿਆ ਹੈ । ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਲੋਕ ਸਭਾ ਮੈਂਬਰ ਨੂੰ ਗੱਲਾਂ ਗੋਲਮੋਲ ਨਹੀਂ ਕਰਨੀਆਂ ਚਾਹੀਦੀਆਂ । ਸਿੱਧਾ ਕਹਿਣ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਨਸ਼ਾ ਖੂਬ ਵਿਕ ਰਿਹਾ ਹੈ । ਪੁਲਿਸ ਸਰਕਾਰ ਦੀ ਹੈ ਅਤੇ ਸਰਕਾਰ ਕਾਂਗਰਸ ਪਾਰਟੀ ਚਲਾ ਰਹੀ ਹੈ ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਹਾਸੋਹੀਣੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ । ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ । ਅਧਿਕਾਰੀ ਸਰਕਾਰ ਦੇ ਹਿਸਾਬ ਨਾਲ ਹੀ ਕੰਮ ਕਰਦੇ ਹਨ ।
ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਨੂੰ ਨਸ਼ਿਆਂ ਨੇ ਬਰਬਾਦ ਕਰ ਦਿੱਤਾ ਹੈ ਪਰ ਹੁਣ ਕਾਂਗਰਸ ਪਾਰਟੀ ਦੇ ਹੀ ਲੋਕ ਸਭਾ ਮੈਂਬਰ ਵਲੋਂ ਸਰਕਾਰ ਤੇ ਪੁਲਿਸ ਨੂੰ ਚੇਤਾਵਨੀ ਦੇਣਾ ਬਹੁਤ ਕੁਝ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ : Punjab Assembly Election Voting ਔਰਤਾਂ ਨੂੰ ਟਿਕਟਾਂ ਘੱਟ ਮਿਲੀਆਂ ਪਰ ਵੋਟਾਂ ਪਾਉਣ ਦੇ ਮੁਕਾਬਲੇ ਮਰਦਾਂ ਨੂੰ ਪਿੱਛੇ ਛੱਡ ਗਈਆਂ
Get Current Updates on, India News, India News sports, India News Health along with India News Entertainment, and Headlines from India and around the world.