PUNJAB FULLY READY TO HOST THIS PRESTIGIOUS EVENT
PUNJAB FULLY READY TO HOST THIS PRESTIGIOUS EVENT – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿੱਚ 15-17 ਅਤੇ 19-20 ਮਾਰਚ ਨੂੰ ਹੋਣ ਵਾਲੇ ਵੱਕਾਰੀ ਜੀ-20 ਸੰਮੇਲਨ ਨੂੰ ਪੂਰੀ ਤਰ੍ਹਾਂ ਸਫ਼ਲ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇੱਥੇ ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮਾਗਮ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੇ ਕਾਰਜਕਾਰੀ ਸੈਸ਼ਨਾਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ। ਪੁਖ਼ਤਾ ਯੋਜਨਾਬੰਦੀ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਉਨ੍ਹਾਂ ਨੂੰ ਇੱਕ ਵਾਰ ਸੂਬੇ ਵਿੱਚ ਅਜਿਹਾ ਵੱਡ-ਆਕਾਰੀ ਸਮਾਗਮ ਕਰਵਾਉਣ ਦਾ ਮੌਕਾ ਮਿਲਿਆ ਹੈ ਅਤੇ ਅਫ਼ਵਾਹਾਂ ਜ਼ਰੀਏ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ- ਮਾਪਤੋਲ ਉਪਕਰਣਾਂ ਦੀ ਪੜਤਾਲ ਦੇ ਕੰਮ ਨੂੰ ਸਿੰਗਲ ਵਿੰਡੋ ਸਿਸਟਮ ਨਾਲ ਜੋੜਨ ਦਾ ਆਗਾਜ਼
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਪਤਵੰਤਿਆਂ ਦੇ ਆਰਾਮਦਾਇਕ ਠਹਿਰਾਅ ਲਈ ਪੁਖ਼ਤਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਰਾਮਦਾਇਕ ਠਹਿਰ ਦਾ ਭਰੋਸਾ ਦੇਣ ਤੋਂ ਇਲਾਵਾ ਮਹਿਮਾਨਾਂ ਨੂੰ ਰਵਾਇਤੀ ਪੰਜਾਬੀ ਪਕਵਾਨ ਪਰੋਸੇ ਜਾਣਗੇ ਅਤੇ ਸ਼ਾਮ ਨੂੰ ਸੱਭਿਆਚਾਰਕ ਸਮਾਗਮਾਂ ਦੌਰਾਨ ਉਨ੍ਹਾਂ ਨੂੰ ਅਮੀਰ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦਿਖਾਈ ਜਾਵੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਸਰਕਾਰ ਸੂਬੇ ਵਿੱਚ ਜੀ-20 ਸੰਮੇਲਨ ਦੇ ਦੋ ਸੈਸ਼ਨਾਂ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰ ਕੇ ਨਵਾਂ ਮਾਪਦੰਡ ਸਥਾਪਤ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਤਸੱਲੀ ਤੇ ਮਾਣ ਵਾਲੀ ਗੱਲ ਹੈ ਕਿ ਸੂਬੇ ਵਿੱਚ ਜੀ-20 ਦੇ ਦੋ ਸੈਸ਼ਨ ਹੋ ਰਹੇ ਹਨ, ਪਹਿਲਾਂ ਸੈਸ਼ਨ 15, 16 ਅਤੇ 17 ਮਾਰਚ ਨੂੰ ਸਿੱਖਿਆ ਸਬੰਧੀ ਅਤੇ ਦੂਜਾ 19 ਤੇ 20 ਮਾਰਚ ਨੂੰ ਕਿਰਤ ਬਾਰੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪੰਜਾਬ ਨੂੰ ਕੌਮਾਂਤਰੀ ਪੱਧਰ ‘ਤੇ ਵਪਾਰ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਾਰੇਗਾ ਅਤੇ ਸਰਕਾਰ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਆਪਣੀਆਂ ਪ੍ਰਾਪਤੀਆਂ ਅਤੇ ਸਹੂਲਤਾਂ ਦਿਖਾਉਣ ਲਈ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸੁਨਹਿਰੀ ਮੌਕਾ ਹੈ, ਜਦੋਂ ਪੰਜਾਬ ਨੂੰ ਬਿਹਤਰੀਨ ਮੌਕਿਆਂ ਦੀ ਧਰਤੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਨਿਵੇਸ਼ ਲਿਆ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਆਖਿਆ ਕਿ ਇਸ ਵਿਸ਼ਵ ਪੱਧਰੀ ਸਮਾਗਮ ਦੀ ਸਫ਼ਲਤਾ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਇਹ ਵੱਡ-ਆਕਾਰੀ ਸਮਾਗਮ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨਾਲ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੀ ਰਾਹ ‘ਤੇ ਹੋਰ ਅੱਗੇ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮਾਗਮ ਵਿੱਚ ਹਰ ਪੰਜਾਬੀ ਨੂੰ ਸ਼ਾਮਲ ਕਰੇਗੀ ਤਾਂ ਜੋ ਸੂਬੇ ਦੀ ਅਮੀਰ ਵਿਰਾਸਤ ਨੂੰ ਆਉਣ ਵਾਲੇ ਮਹਿਮਾਨਾਂ ਨੂੰ ਵਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਆਉਣ ਵਾਲੇ ਡੈਲੀਗੇਟਾਂ ਦੀ ਸੂਬੇ ਵਿੱਚ ਠਹਿਰ ਨੂੰ ਯਾਦਗਾਰੀ ਬਣਾਇਆ ਜਾ ਸਕੇ।
Get Current Updates on, India News, India News sports, India News Health along with India News Entertainment, and Headlines from India and around the world.